ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇਅ-44 (ਜੀ.ਟੀ. ਰੋਡ) ਇੱਕ ਵਾਰ ਫਿਰ ਖੂਨੀ ਹਾਦਸੇ ਦਾ ਗਵਾਹ ਬਣਿਆ ਹੈ। ਘਰੌਂਡਾ ਨੇੜੇ ਤੜਕਸਾਰ ਵਾਪਰੇ ਇਸ ਭਿਆਨਕ ਹਾਦਸੇ ਨੇ ਇੱਕੋ ਝਟਕੇ ਵਿੱਚ ਘੱਟੋ-ਘੱਟ ਚਾਰ ਜਾਨਾਂ ਲੈ ਲਈਆਂ ਅਤੇ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ, ਟੋਲ ਪਲਾਜ਼ਾ ਤੋਂ ਥੋੜ੍ਹੀ ਦੂਰੀ 'ਤੇ, ਇੱਕ ਤੇਜ਼ ਰਫ਼ਤਾਰ ਬੇਕਾਬੂ ਟਰੱਕ ਟ੍ਰੈਫਿਕ ਨਿਯਮਾਂ ਦੀ ਸ਼ਰੇਆਮ ਅਣਦੇਖੀ ਕਰਦਾ ਹੋਇਆ, ਡਿਵਾਈਡਰ ਪਾਰ ਕਰਕੇ ਗਲਤ ਸਾਈਡ ਤੋਂ ਆਇਆ। ਇਸ ਟਰੱਕ ਨੇ ਪਹਿਲਾਂ ਪਾਣੀਪਤ ਤੋਂ ਕਰਨਾਲ ਜਾ ਰਹੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਨੂੰ ਟੱਕਰ ਮਾਰੀ ਅਤੇ ਫਿਰ ਬੇਕਾਬੂ ਹੋ ਕੇ ਡਿਵਾਈਡਰ 'ਤੇ ਪਲਟ ਗਿਆ। ਪਲਟਣ ਤੋਂ ਪਹਿਲਾਂ ਇਸ ਨੇ ਦੋ ਮੋਟਰਸਾਈਕਲਾਂ ਅਤੇ ਇੱਕ ਕਾਰ ਨੂੰ ਵੀ ਕੁਚਲ ਦਿੱਤਾ।
ਡਰਾਈਵਰ 'ਤੇ ਨੀਂਦ ਜਾਂ ਨਸ਼ੇ ਦਾ ਖ਼ਦਸ਼ਾ
ਚਸ਼ਮਦੀਦਾਂ ਅਨੁਸਾਰ, ਇਹ ਮੰਦਭਾਗੀ ਘਟਨਾ ਪਾਣੀਪਤ ਤੋਂ ਕਰਨਾਲ ਜਾਣ ਵਾਲੇ ਹਾਈਵੇਅ 'ਤੇ ਵਾਪਰੀ। ਹਾਦਸੇ ਦੀ ਭਿਆਨਕਤਾ ਨੂੰ ਦੇਖਦੇ ਹੋਏ, ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਜਾਂ ਤਾਂ ਗੂੜ੍ਹੀ ਨੀਂਦ ਵਿੱਚ ਸੀ ਜਾਂ ਫਿਰ ਸ਼ਰਾਬ ਦੇ ਨਸ਼ੇ ਵਿੱਚ ਸੀ, ਜਿਸ ਕਾਰਨ ਉਸ ਨੇ ਭਾਰੀ ਵਾਹਨ ਤੋਂ ਕੰਟਰੋਲ ਗੁਆ ਦਿੱਤਾ।
ਬੱਸ ਯਾਤਰੀਆਂ 'ਚ ਫੈਲੀ ਦਹਿਸ਼ਤ
ਹਾਦਸੇ ਦਾ ਸ਼ਿਕਾਰ ਹੋਈ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਯਾਤਰੀ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਜਦੋਂ ਟਰੱਕ ਨੇ ਬੱਸ ਦੇ ਕੰਡਕਟਰ ਵਾਲੇ ਪਾਸੇ ਜ਼ੋਰਦਾਰ ਟੱਕਰ ਮਾਰੀ। ਟੱਕਰ ਤੋਂ ਬਾਅਦ ਜ਼ਿਆਦਾਤਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post a Comment