ਚੰਡੀਗੜ੍ਹ, 11 ਦਸੰਬਰ- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ 'ਤੇ ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ ਅਤੇ ਵਿਧਾਇਕਾਂ ਦੀਆਂ ਟਿਕਟਾਂ ਲਈ 5-5 ਕਰੋੜ ਰੁਪਏ ਦੀ ਕਥਿਤ 'ਡੀਲਿੰਗ' ਦੇ ਲਾਏ ਸਨਸਨੀਖੇਜ਼ ਦੋਸ਼ਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।
ਨੀਲ ਗਰਗ ਨੇ ਕਿਹਾ ਕਿ ਇਹ ਦੋਸ਼ ਨਾ ਸਿਰਫ ਹੈਰਾਨ ਕਰਨ ਵਾਲੇ ਹਨ, ਬਲਕਿ ਪੰਜਾਬ ਦੀ ਰਾਜਨੀਤੀ ਅਤੇ ਲੋਕਤੰਤਰ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਨ੍ਹਾਂ 'ਤੇ ਇਹ ਦੋਸ਼ ਲੱਗੇ ਹਨ, ਉਹ ਹੁਣ ਤੱਕ ਚੁੱਪ ਕਿਉਂ ਹਨ?
ਗਰਗ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਜਨਤਕ ਤੌਰ 'ਤੇ ਦਾਅਵਾ ਕਰ ਚੁੱਕੇ ਹਨ ਕਿ ਚੰਨੀ ਨੇ ਮੁੱਖ ਮੰਤਰੀ ਬਣਨ ਲਈ 350 ਕਰੋੜ ਰੁਪਏ ਦਿੱਤੇ ਸਨ। ਜੇ ਇਹ ਸੱਚ ਹੈ, ਤਾਂ ਕੀ ਇਹ ਪੰਜਾਬ ਦੀ ਜਨਤਾ ਨਾਲ ਧੋਖਾ ਨਹੀਂ ਹੈ? ਅਤੇ ਜੇ ਦੋਸ਼ ਗਲਤ ਹਨ, ਤਾਂ ਚੰਨੀ ਸਾਹਿਬ ਸਾਹਮਣੇ ਆ ਕੇ ਕਿਉਂ ਨਹੀਂ ਕਹਿੰਦੇ?
ਗਰਗ ਨੇ ਨਵਜੋਤ ਕੌਰ ਸਿੱਧੂ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਲਗਾਏ ਗਏ ਗੰਭੀਰ ਦੋਸ਼ਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਾਜਵਾ ਵਰਗੇ ਵੱਡੇ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਚੁੱਪੀ ਜਨਤਾ ਵਿੱਚ ਕਈ ਸਵਾਲ ਖੜ੍ਹੇ ਕਰਦੀ ਹੈ। ਇੰਨੇ ਭਾਰੀ ਦੋਸ਼ਾਂ ਤੋਂ ਬਾਅਦ ਵੀ ਬਾਜਵਾ ਸਾਹਿਬ ਦੀ ਚੁੱਪੀ ਆਖ਼ਰ ਕੀ ਸੰਕੇਤ ਦਿੰਦੀ ਹੈ?
ਗਰਗ ਨੇ ਸਪੱਸ਼ਟ ਕਿਹਾ ਕਿ ਪੰਜਾਬ ਨੂੰ ਧੋਖੇਬਾਜ਼ੀ ਜਾਂ ਕਿਸੇ ਵੀ ਤਰ੍ਹਾਂ ਦੀ 'ਡੀਲ' ਨਹੀਂ ਚਾਹੀਦੀ। ਪੰਜਾਬ ਦੀ ਜਨਤਾ ਨੂੰ ਪਾਰਦਰਸ਼ਤਾ ਚਾਹੀਦੀ ਹੈ। ਗਰਗ ਨੇ ਚਰਨਜੀਤ ਸਿੰਘ ਚੰਨੀ ਤੋਂ ਇਨ੍ਹਾਂ ਗੰਭੀਰ ਦੋਸ਼ਾਂ 'ਤੇ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਅਤੇ ਪ੍ਰਤਾਪ ਸਿੰਘ ਬਾਜਵਾ ਤੋਂ 'ਡੀਲ' ਨਾਲ ਸਬੰਧਤ ਇਲਜ਼ਾਮਾਂ 'ਤੇ ਜਵਾਬ ਮੰਗਿਆ।

Post a Comment