ਲੁਧਿਆਣਾ ਜੇਲ੍ਹ 'ਚ ਨਸ਼ਾ ਸਪਲਾਈ ਰੈਕੇਟ ਦਾ ਪਰਦਾਫਾਸ਼, ਮੈਡੀਕਲ ਅਫ਼ਸਰ ਸਮੇਤ 2 ਗ੍ਰਿਫ਼ਤਾਰ

 


ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਮੈਡੀਕਲ ਸਟਾਫ਼ ਦੀ ਸ਼ਰਮਨਾਕ ਕਾਰਵਾਈ ਸਾਹਮਣੇ ਆਈ ਹੈ। ਪੁਲਿਸ ਨੇ ਬੁੱਧਵਾਰ ਨੂੰ ਜੇਲ੍ਹ ਦੇ ਇੱਕ ਮੈਡੀਕਲ ਅਫ਼ਸਰ ਅਤੇ ਇੱਕ ਟੈਕਨੀਸ਼ਨ ਨੂੰ ਨਸ਼ਾ ਸਪਲਾਈ ਰੈਕੇਟ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਅਧਿਕਾਰੀ ਕੈਦੀਆਂ ਦੀ ਮਦਦ ਨਾਲ ਜੇਲ੍ਹ ਦੇ ਅੰਦਰ ਨਸ਼ੀਲੇ ਪਦਾਰਥ ਪਹੁੰਚਾਉਂਦੇ ਸਨ ਅਤੇ ਇਸ ਦੇ ਬਦਲੇ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਤੋਂ UPI (ਯੂਨੀਫਾਈਡ ਪੇਮੈਂਟਸ ਇੰਟਰਫੇਸ) ਰਾਹੀਂ ਪੈਸੇ ਵਸੂਲ ਕਰਦੇ ਸਨ।


ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਡਾ. ਪ੍ਰਿੰਸ (ਮੈਡੀਕਲ ਅਫ਼ਸਰ) ਅਤੇ ਜਸਪਾਲ ਸ਼ਰਮਾ (ਟੀ.ਬੀ. ਟੈਕਨੀਸ਼ਨ) ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੇਲ੍ਹ ਦਾ ਅੱਧਾ ਮੈਡੀਕਲ ਸਟਾਫ਼ ਕੰਮ ਤੋਂ ਫ਼ਰਾਰ ਹੋ ਗਿਆ ਹੈ, ਜਿਸ ਤੋਂ ਇਸ ਰੈਕੇਟ ਵਿੱਚ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।


 ਜਾਂਚ ਮਗਰੋਂ ਹੋਇਆ ਖੁਲਾਸਾ

ਇਹ ਰੈਕੇਟ 27 ਅਕਤੂਬਰ ਨੂੰ ਉਦੋਂ ਸਾਹਮਣੇ ਆਇਆ, ਜਦੋਂ ਜੇਲ੍ਹ ਸਟਾਫ਼ ਨੇ ਕੈਦੀਆਂ ਕੋਲੋਂ 117 ਨਸ਼ੇ ਵਾਲੇ ਕੈਪਸੂਲ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ ਸਨ। ਡਿਪਟੀ ਸੁਪਰਿਟੈਂਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨੇ ਐਫ.ਆਈ.ਆਰ. ਦਰਜ ਕਰਕੇ ਪੰਜ ਕੈਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।


ਜਾਂਚ ਅਧਿਕਾਰੀ ਏ.ਐਸ.ਆਈ. ਦਿਨੇਸ਼ ਕੁਮਾਰ ਅਨੁਸਾਰ, ਕੈਦੀਆਂ ਤੋਂ ਪੁੱਛਗਿੱਛ ਦੌਰਾਨ ਹੀ ਡਾ. ਪ੍ਰਿੰਸ ਅਤੇ ਟੈਕਨੀਸ਼ਨ ਜਸਪਾਲ ਸ਼ਰਮਾ ਦੇ ਨਾਮ ਸਾਹਮਣੇ ਆਏ। ਪੁਲਿਸ ਨੇ ਇਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਅਤੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ ਹੈ ਕਿ ਇਹ ਅਧਿਕਾਰੀ ਨਾ ਸਿਰਫ਼ ਨਸ਼ਾ ਸਪਲਾਈ ਕਰਦੇ ਸਨ, ਬਲਕਿ ਕਈ ਵਾਰੀ ਇਲਾਜ ਦੇ ਬਹਾਨੇ ਕੈਦੀਆਂ ਨੂੰ ਸਿਵਲ ਹਸਪਤਾਲ ਰੈਫ਼ਰ ਕਰਵਾ ਕੇ ਵੀ ਪੈਸੇ ਵਸੂਲ ਕਰਦੇ ਸਨ। ਪੁਲਿਸ ਨੂੰ ਇਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸ਼ੱਕੀ ਲੈਣ-ਦੇਣ ਦੇ ਸਬੂਤ ਵੀ ਮਿਲੇ ਹਨ।


 ਜੇਲ੍ਹ ਵਿੱਚ ਲਗਾਤਾਰ ਹੋ ਰਹੀਆਂ ਹਨ ਗ੍ਰਿਫ਼ਤਾਰੀਆਂ

ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ:


ਜਨਵਰੀ 2024: ਅਸਿਸਟੈਂਟ ਜੇਲ੍ਹ ਸੁਪਰਿਟੈਂਡੈਂਟ ਗਗਨਦੀਪ ਸ਼ਰਮਾ ਅਤੇ ਸਤਨਾਮ ਸਿੰਘ ਨੂੰ ਵੀ ਨਸ਼ਾ ਸਪਲਾਈ ਰੈਕੇਟ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।


ਨਵੰਬਰ 2024: ਲਾਧੋਵਾਲ ਥਾਣੇ ਦੇ ਇੱਕ ਏ.ਐਸ.ਆਈ. ਨੂੰ 1 ਕਿਲੋ ਤੰਬਾਕੂ ਸਪਲਾਈ ਕਰਦੇ ਫੜਿਆ ਗਿਆ।


ਅਕਤੂਬਰ 2024: ਇੱਕ ਹੋਰ ਏ.ਐਸ.ਆਈ. ਨੂੰ ਨਸ਼ੇ ਵਾਲਾ ਪਾਊਡਰ ਅਤੇ ਤੰਬਾਕੂ ਸਪਲਾਈ ਕਰਦੇ ਫੜਿਆ ਗਿਆ।


11 ਅਕਤੂਬਰ 2024: ਇੱਕ ਸੀਨੀਅਰ ਜੇਲ੍ਹ ਅਫ਼ਸਰ (ਜੋ ਸੇਵਾਮੁਕਤੀ ਦੇ ਨੇੜੇ ਸੀ) ਨੂੰ LED TV ਦੇ ਅੰਦਰ ਨਸ਼ੀਲੇ ਪਦਾਰਥ ਲਿਆਉਣ ਦੇ ਰੈਕੇਟ ਦਾ ਮਾਸਟਰਮਾਈਂਡ ਦੱਸਿਆ ਗਿਆ ਸੀ।


ਥਾਣਾ ਡਿਵਿਜ਼ਨ ਨੰਬਰ 7 ਦੀ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਨਸ਼ਾ ਸਪਲਾਈ ਚੇਨ ਵਿੱਚ ਸ਼ਾਮਲ ਸਾਰੇ ਲੋਕਾਂ ਦਾ ਪਤਾ ਲਗਾਇਆ ਜਾ ਸਕੇ।


 

Post a Comment

Previous Post Next Post