ਜ਼ਿਕਰਯੋਗ ਹੈ ਕਿ ‘ਆਪ’ ਵਿਧਾਇਕਾਂ ਦੀ ਸ਼ਿਕਾਇਤ ’ਤੇ 13 ਅਕਤੂਬਰ ਨੂੰ ਰੋਪੜ, ਮੋਗਾ, ਲੁਧਿਆਣਾ ਤੇ ਸਰਦੂਲਗੜ੍ਹ ਦੇ ਥਾਣਿਆਂ ’ਚ ਕੇਸ ਦਰਜ ਹੋ ਗਏ ਸਨ। ਰੋਪੜ ਪੁਲਿਸ ਬੀਤੇ ਦਿਨੀਂ ਚਤੁਰਵੇਦੀ ਦੇ ਗ੍ਰਿਫ਼ਤਾਰੀ ਵਾਰੰਟ ਲੈ ਕੇ ਪੁੱਜੀ ਸੀ ਪਰ ਚੰਡੀਗੜ੍ਹ ਪੁਲੀਸ ਉਸ ਬਚਾਉਣ ’ਚ ਜੁਟੀ ਰਹੀ। ਪੁਲਿਸ ਨੇ ਰੋਪੜ ਅਦਾਲਤ ਤੱਕ ਪਹੁੰਚ ਕਰ ਕੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰਨ ’ਚ ਯੂ ਟੀ ਪੁਲਿਸ ਅੜਿੱਕਾ ਬਣ ਰਹੀ ਹੈ। ਰੋਪੜ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸੁਖਵਿੰਦਰ ਸਿੰਘ ਨੇ ਚੰਡੀਗੜ੍ਹ ਦੇ ਐੱਸ ਐੱਸ ਪੀ ਨੂੰ ਲਿਖਤੀ ਨਿਰਦੇਸ਼ ਦਿੱਤੇ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ। ਇਨ੍ਹਾਂ ਹੁਕਮਾਂ ਮਗਰੋਂ ਇੱਕ ਵਾਰ ਤਾਂ ਚੰਡੀਗੜ੍ਹ ਪੁਲਿਸ ਨੇ ਆਨਾਕਾਨੀ ਕੀਤੀ ਪਰ ਆਖ਼ਰ ਉਸ ਨੇ ਰੋਪੜ ਪੁਲਿਸ ਲਈ ਸੈਕਟਰ 3 ਦੇ ਥਾਣੇ ਦਾ ਗੇਟ ਖੋਲ੍ਹ ਦਿੱਤਾ।
ਦੇਰ ਸ਼ਾਮ ਅੱਠ ਵਜੇ ਰੋਪੜ ਪੁਲਿਸ ਨੇ ਗ੍ਰਿਫ਼ਤਾਰੀ ਵਾਰੰਟਾਂ ਦੇ ਆਧਾਰ ’ਤੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰ ਲਿਆ। ‘ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਰੋਪੜ ’ਚ ਚਤੁਰਵੇਦੀ ਖ਼ਿਲਾਫ਼ ਕੇਸ ਦਰਜ ਕਰਾਇਆ ਸੀ। ਐੱਸ ਪੀ ਗੁਰਦੀਪ ਸਿੰਘ ਗੋਸਲ ਦੀ ਅਗਵਾਈ ਹੇਠ ਰੋਪੜ ਪੁਲਿਸ ਜਦੋਂ ਬੀਤੇ ਦਿਨੀਂ ਚੰਡੀਗੜ੍ਹ ਪੁੱਜੀ ਸੀ ਤਾਂ ਉਨ੍ਹਾਂ ਦੀ ਚੰਡੀਗੜ੍ਹ ਪੁਲਿਸ ਨਾਲ ਝੜਪ ਵੀ ਹੋਈ ਸੀ। ਨਵਨੀਤ ਚਤੁਰਵੇਦੀ ਨੂੰ ਰੋਪੜ ਦੀ ਅਦਾਲਤ ’ਚ ਪੇਸ਼ ਕੀਤਾ। ਪੁਲਿਸ ਅਧਿਕਾਰੀਆਂ ਮੁਤਾਬਕ ਨਵਨੀਤ ਦੀ ਤਫ਼ਤੀਸ਼ ਮਗਰੋਂ ਫ਼ਰਜ਼ੀ ਦਸਤਖ਼ਤਾਂ ਵਾਲੀ ਅਸਲ ਕਹਾਣੀ ਦੇ ਪੇਚ ਖੁੱਲ੍ਹਣਗੇ।
ਜ਼ਿਕਰਯੋਗ ਹੈ ਕਿ ਨਵਨੀਤ ਚਤੁਰਵੇਦੀ ਵੱਲੋਂ ਰਾਜ ਸਭਾ ਦੀ ਉਪ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ ਅਤੇ 10 ‘ਆਪ’ ਵਿਧਾਇਕਾਂ ਵੱਲੋਂ ਤਜਵੀਜ਼ ਕੀਤੇ ਜਾਣ ਵਾਲਾ ਪੱਤਰ ਵੀ ਦਿੱਤਾ ਗਿਆ ਸੀ ਜਿਸ ਨੂੰ ‘ਆਪ’ ਵਿਧਾਇਕਾਂ ਨੇ ਫ਼ਰਜ਼ੀ ਕਰਾਰ ਦਿੱਤਾ ਸੀ। ਕਾਗ਼ਜ਼ਾਂ ਦੀ ਪੜਤਾਲ ਮੌਕੇ ਤਜਵੀਜ਼ ਕਰਨ ਵਾਲੇ ਵਿਧਾਇਕਾਂ ਦੇ ਦਸਤਖ਼ਤ ਫ਼ਰਜ਼ੀ ਪਾਏ ਗਏ। ਇਸੇ ਆਧਾਰ ’ਤੇ ਚਤੁਰਵੇਦੀ ਦੇ ਕਾਗ਼ਜ਼ ਰੱਦ ਹੋ ਗਏ ਸਨ। ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਸੀ ਕਿ ਚਤੁਰਵੇਦੀ ਦੀ ਪਿੱਠ ’ਤੇ ਭਾਜਪਾ ਹੈ ਅਤੇ ਪੁਲੀਸ ਉਸ ਨੂੰ ਸਟੇਟ ਗੈਸਟ ਵਾਂਗ ਰੱਖ ਰਹੀ ਹੈ।

إرسال تعليق